Home / ਪੰਜਾਬ / ਪੰਜਾਬੀ ਸਾਰੇ ਜੰਮੂ-ਕਸ਼ਮੀਰ ‘ਚ ਬੋਲੀ ਜਾਣ ਵਾਲੀ ਭਾਸ਼ਾ

ਪੰਜਾਬੀ ਸਾਰੇ ਜੰਮੂ-ਕਸ਼ਮੀਰ ‘ਚ ਬੋਲੀ ਜਾਣ ਵਾਲੀ ਭਾਸ਼ਾ

ਜੰਮੂ ਖੇਤਰ ਦੇ ਵੱਡੀ ਗਿਣਤੀ ਲੋਕ ਪੰਜਾਬੀ ਬੋਲਣ, ਸਮਝਣ ਤੇ ਪੜ੍ਹਨ ਵਾਲੇ ਹਨ ਪਰ ਸਰਕਾਰੀ ਸਜਿਸ਼ਾਂ ਤਹਿਤ ਬੜੇ ਚਿਰ ਤੋਂ ਪੰਜਾਬੀ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਦੀਆਂ ਉਪ ਭਾਸ਼ਾਵਾਂ ਨਾਲੋਂ ਤੋੜਨ ਦਾ ਯਤਨ ਕੀਤਾ ਗਿਆ ਤੇ ਫਿਰ ਇਕ ਧਾਰਮਿਕ ਫਿਰਕੇ ਦੀ ਭਾਸ਼ਾ ਵਾਲਾ ਪ੍ਰਭਾਵ ਬਣਾ ਕੇ ਪੰਜਾਬੀ ਦੇ ਦਾਇਰੇ ਨੂੰ ਸੁੰਗੇੜਨ ਦੇ ਕੋਝੇ ਯਤਨ ਕੀਤੇ ਗਏ। ਹੁਣ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਭਾਸ਼ਾਵਾਂ ‘ਚ ਸ਼ਾਮਿਲ ਪੰਜਾਬੀ ਨੂੰ ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿਚੋਂ ਹੀ ਬਾਹਰ ਕੱਢ ਦੇਣਾ ਪੰਜਾਬੀ ਖ਼ਿਲਾਫ਼ ਚੱਲੀ ਆ ਰਹੀ ਸਾਜਿਸ਼ੀ ਨੀਤੀ ਦਾ ਹੀ ਨਤੀਜਾ ਹੈ। ਅਜਿਹੇ ਵਿਚਾਰ ‘ਅਜੀਤ’ ਦੀ ਟੀਮ ਨਾਲ ਜੰਮੂ ਤੇ ਆਸ-ਪਾਸ ਦੇ ਖੇਤਰ ‘ਚ ਪੰਜਾਬੀ ਬੁੱਧੀਜੀਵੀਆਂ, ਪੰਜਾਬੀ ਲੇਖਕਾਂ, ਪੰਜਾਬੀ ਸਨੇਹੀਆਂ ਤੇ ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ।

ਕਰੀਬ ਸਾਰੇ ਹੀ ਵਰਗਾਂ ਤੇ ਧਰਮਾਂ ਨਾਲ ਸਬੰਧਿਤ ਪੰਜਾਬੀ ਸ਼ਖ਼ਸੀਅਤਾਂ ਦਾ ਕਹਿਣਾ ਹੈ ਕਿ ਪੰਜਾਬੀ ਜੰਮੂ-ਕਸ਼ਮੀਰ ਸਾਰੇ ਪ੍ਰਦੇਸ਼ ਵਿਚ ਬੋਲੀ ਜਾਣ ਵਾਲੀ ਇਕੋ-ਇਕ ਭਾਸ਼ਾ ਹੈ, ਜਦਕਿ ਹੁਣ ਸਰਕਾਰੀ ਭਾਸ਼ਾ ‘ਚ ਸ਼ਾਮਿਲ ਡੋਗਰੀ ਸਿਰਫ਼ ਜੰਮੂ ਦੇ ਕੁਝ ਖੇਤਰ ਵਿਚ ਤੇ ਕਸ਼ਮੀਰੀ, ਕਸ਼ਮੀਰ ਘਾਟੀ ‘ਚ ਬੋਲੀ ਜਾਣ ਵਾਲੀ ਭਾਸ਼ਾ ਹੈ। ਵਰਨਣਯੋਗ ਹੈ ਕਿ ਇਨ੍ਹਾਂ ਦੋਵਾਂ ਭਾਸ਼ਾਵਾਂ ਦੀ ਆਪਣੀ ਕੋਈ ਲਿਪੀ ਵੀ ਨਹੀਂ ਹੈ। ਪੰਜਾਬੀ ਸਿੱਖ ਰਾਜ ਦੇ ਸਮੇਂ ਤੋਂ ਵੀ ਪਹਿਲਾਂ ਤੋਂ ਇਸ ਖੇਤਰ ‘ਚ ਵੱਖਰੀ ਪਛਾਣ ਰੱਖਣ ਵਾਲੀ ਭਾਸ਼ਾ ਹੈ। ਕੁਝ ਅਕਾਦਮਿਕ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਦਾ ਕਹਿਣਾ ਹੈ ਕਿ ਜੰਮੂ ਯੂਨੀਵਰਸਿਟੀ ਵਿਖੇ ਡੇਢ ਸੌ ਤੋਂ ਵਧੇਰੇ ਨੌਜਵਾਨਾਂ ਨੇ ਪੀ.ਐੱਚ. ਡੀ. ਤੇ ਐੱਮ.ਫਿਲ ਕੀਤੀ ਹੈ। ਪੰਜਾਬੀ ਨੂੰ ਸਰਕਾਰੀ ਭਾਸ਼ਾ ਵਿਚੋਂ ਹੀ ਕੱਢ ਦੇਣ ਨਾਲ ਉਨ੍ਹਾਂ ਦੇ ਰੁਜ਼ਗਾਰ ਦੇ ਭਵਿੱਖ ਉੱਪਰ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ।

Check Also

ਸਿਰਫ ਡੇਢ ਏਕੜ ਜ਼ਮੀਨ ਵਿੱਚੋਂ 50 ਲੱਖ ਸਾਲਾਨਾ ਆਮਦਨ ਲੈ ਰਿਹਾ ਇਹ ਕਿਸਾਨ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਪੰਜਾਬ ਵਿੱਚ ਬਣੇ ਅਜਿਹੇ ਵੱਖਰੇ ਫਾਰਮ ਬਾਰੇ ਜਾਣਕਾਰੀ ਦੇਣ ਜਾ …