Home / ਅੰਤਰ ਰਾਸ਼ਟਰੀ / ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਰੋਕਿਆ

ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਰੋਕਿਆ

ਕੋਰੋਨਾ ਵੈਕਸੀਨ ਨੂੰ ਜਲਦ ਤੋਂ ਜਲਦ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਇਕ ਵੱਡਾ ਝਟਕਾ ਲੱਗਾ ਹੈ। ਆਕਸਫੋਰਡ ਯੂਨੀਵਰਸਿਟੀ ਨੇ ਵੈਕਸੀਨ ਦੇ ਤੀਜੇ ਤੇ ਆਖਰੀ ਪੜਾਅ ਦੇ ਪ੍ਰਯੋਗ ਨੂੰ ਅਚਾਨਕ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆ ‘ਚ ਇਕ ਵਿਅਕਤੀ ਨੂੰ ਉਕਤ ਵੈਕਸੀਨ ਦਿੱਤੀ ਗਈ ਸੀ, ਪਰ ਉਸ ਦੇ ਸਰੀਰ ‘ਤੇ ਮਾੜੇ ਪ੍ਰਭਾਵ ਦੇਖਣ ਨੂੰ ਮਿਲੇ, ਜਿਸ ਤੋਂ ਬਾਅਦ ਵੈਕਸੀਨ ਦੀ ਪਰਖ ਦੇ ਤੀਜੇ ਪੜਾਅ ਨੂੰ ਰੋਕ ਦਿੱਤਾ ਗਿਆ ਹੈ। ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਤੇ ਬ੍ਰਿਟਿਸ਼-ਸਵੀਡਿਸ਼ ਕੰਪਨੀ ਐਸਟਰਾਜ਼ੇਨੇਕਾ ਦੀ ਵੈਕਸੀਨ ਪੂਰੀ ਦੁਨੀਆ ਲਈ ਆਸ ਦੀ ਕਿਰਨ ਬਣ ਗਈ ਸੀ ਤੇ ਇਸ ਵੈਕਸੀਨ ਦਾ ਪ੍ਰਯੋਗ ਭਾਰਤ ‘ਚ ਵੀ ਸ਼ੁਰੂ ਕੀਤਾ ਗਿਆ ਸੀ।

ਇਹ ਵੈਕਸੀਨ ਯੂ.ਕੇ. ‘ਚ ਪਰਖ ਦੇ ਤੀਜੇ ਪੜਾਅ ‘ਚੋਂ ਲੰਘ ਰਹੀ ਸੀ, ਪਰ ਅਚਾਨਕ ਇਸ ਦੇ ਗੰਭੀਰ ਮਾੜੇ ਪ੍ਰਭਾਵ ਵੇਖਣ ਨੂੰ ਮਿਲੇ। ਵੈਕਸੀਨ ਦੇਣ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਵੈਕਸੀਨ ਨੂੰ ਜਾਨਲੇਵਾ ਜਾਂ ਬੇਹੱਦ ਘਾਤਕ ਮੰਨਿਆ ਜਾ ਰਿਹਾ ਹੈ। ਮਰੀਜ਼ ‘ਚ ਕਿਸ ਕਿਸਮ ਦੇ ਮਾੜੇ ਪ੍ਰਭਾਵ ਦੇਖੇ ਗਏ ਹਨ, ਇਸ ਬਾਰੇ ਅਜੇ ਸਪੱਸ਼ਟ ਨਹੀਂ ਕੀਤਾ ਗਿਆ, ਪਰ ਪੂਰੇ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਮਰੀਜ਼ ਦੇ ਜਲਦ ਹੀ ਠੀਕ ਹੋਣ ਦੀ ਉਮੀਦ ਹੈ। ਬਰਤਾਨਵੀ ਸਿਹਤ ਮੰਤਰੀ ਮੈਟ ਹਨਕੁੱਕ ਨੇ ਪਿਛਲੇ ਹਫ਼ਤੇ ਉਮੀਦ ਕੀਤੀ ਸੀ ਕਿ ਇਹ ਵੈਕਸੀਨ 2021 ਦੇ ਸ਼ੁਰੂਆਤੀ ਮਹੀਨਿਆਂ ‘ਚ ਆ ਜਾਵੇਗੀ। ਇਸ ਵੈਕਸੀਨ ਲਈ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਪਹਿਲਾਂ ਹੀ ਖਰੀਦ ਸਮਝੌਤੇ ਕੀਤੇ ਹੋਏ ਹਨ। ਬੁਲਾਰੇ ਨੇ ਕਿਹਾ ਕਿ ਵਿਅਕਤੀ ਦੇ ਬਿਮਾਰ ਹੋਣ ਦੀ ਵੱਡੇ ਪੱਧਰ ‘ਤੇ ਜਾਂਚ ਕਰ ਰਹੇ ਹਾਂ ਤਾਂ ਜੋ ਇਸ ਨਾਲ ਪਰਖ ਦੀ ਅੰਤਿਮ ਮਿਤੀ ਪ੍ਰਭਾਵਿਤ ਨਾ ਹੋਵੇ।