Breaking News
Home / ਸਾਹਿਤ / ਅਣਭੋਲ ਬਚਪਨ ਦਾ ਭੂਗੋਲਿਕ ਗਿਆਨ

ਅਣਭੋਲ ਬਚਪਨ ਦਾ ਭੂਗੋਲਿਕ ਗਿਆਨ

ਬਚਪਨ ਹੱਸਣ-ਖੇਡਣ ਦਾ ਦੂਜਾ ਨਾਂ ਹੈ, ਜਦੋਂ ਅਸੀਂ ਸਭ ਚਿੰਤਾਵਾਂ ਤੇ ਡਰਾਂ ਤੋਂ ਮੁਕਤ ਹੁੰਦੇ ਹਾਂ। ਪਿੰਡ ’ਚ ਜੰਮੇ ਹੋਣ ਕਾਰਨ ਖੇਤ, ਦਰੱਖਤ, ਚੌਵੀ ਇੰਚ ਵਾਲੇ ਸਾਈਕਲ ਤੇ ਦੂਰਦਰਸ਼ਨ ਸਾਡੇ ਮਿੱਤਰ ਸਨ। ਖੇਤ ਮਾਪਿਆਂ ਨਾਲ ਕੰਮ ਕਰਵਾਉਂਦੇ, ਖੇਡਣ ਲਈ ਦਰੱਖਤਾਂ ’ਤੇ ਚੜ੍ਹਦੇ ਉਤਰਦੇ, ਚੌਵੀ ਇੰਚ ਵਾਲੇ ਸਾਈਕਲ ਨੂੰ ਚਲਾਉਣਾ ਸਿੱਖਣ ਲਈ ਸੁੱਖਣਾ ਸੁੱਖਦੇ ਕੈਂਚੀ ਚਲਾਉਂਦਿਆਂ ਗਿੱਟੇ ਗੋਡੇ ਰਗੜਾਉਂਦੇ ਤੇ ਅਕਸਰ ਪੈਰ ਦੀ ਮੋਚ ਕਢਵਾਉਣ ਲਈ ਗੁਆਂਢ ’ਚ ਵਸਦੇ ਬਾਜ਼ੀਗਰਾਂ ਦੇ ਘਰਾਂ ’ਚ ਲੰਗੜਾਉਂਦੇ ਹੋਏ ਚੱਕਰ ਮਾਰਦੇ ਰਹਿੰਦੇ। ਸਾਡੇ ’ਚੋਂ ਕਈਆਂ ਨੇ ਸਾਈਕਲ ਚਲਾਉਣਾ ਸਿੱਖਦੇ ਸਮੇਂ ਬਾਹਾਂ ਵੀ ਤੁੜਵਾਈਆਂ ਸਨ। ਬਸ ਉਨ੍ਹਾਂ ਚੱਕਰਾਂ ਵਿਚ ਹੀ ਰਗੜਾਂ ਤੇ ਮੋਚ ਕਦੋਂ ਠੀਕ ਹੋ ਜਾਂਦੀ, ਪਤਾ ਹੀ ਨਹੀਂ ਚੱਲਦਾ ਸੀ। ਪੈਰ ਉਦੋਂ ਜ਼ਮੀਨ ਨਾਲ ਇੰਝ ਜੁੜੇ ਹੋਏ ਸਨ ਜਿਵੇਂ ਮਾਂ ਪੁੱਤ ਦਾ ਰਿਸ਼ਤਾ ਹੋਵੇ ਜਿਸ ਕਰਕੇ ਪੈਰੀਂ ਚੱਪਲ ਪਾਉਣੀ ਅਸੀਂ ਮੁਨਾਸਿਬ ਹੀ ਨਹੀਂ ਸਮਝਦੇ ਸੀ। ਨੰਗੇ ਪੈਰੀਂ ਹੀ ਖੇਤਾਂ ’ਚ ਕੰਮ ਕਰਨਾ, ਜਿਸ ਨਾਲ ਕਿੱਕਰ, ਮਲ੍ਹਿਆਂ ਦੇ ਕੰਡੇ ਪੈਰਾਂ ਵਿਚ ਵੱਜਣੇ ਸੁਭਾਵਿਕ ਹੀ ਸਨ। ਉਦੋਂ ਮਾਪੇ ਜਾਂ ਵੱਡੇ ਭੈਣ ਭਰਾ ਜਿਵੇਂ ਸਰਜਨ ਹੁੰਦੇ ਸਨ ਤੇ ਕੱਪੜੇ ਸਿਊਣ ਵਾਲੀ ਸੂਈ ਚੁੱਕ ਕੰਡਾ ਆਪਰੇਸ਼ਨ ਕਰਨ ਲੱਗਦੇ ਸਨ। ਮਿੱਠੇ ਮਿੱਠੇ ਦਰਦ ਨਾਲ ‘ਸੀ ਸੀ ਹਾਏ ਹਾਏ’ ਕਰੀ ਜਾਣਾ, ਨਾਲੋਂ-ਨਾਲ ਘਰਦਿਆਂ ਦਾ ਗਾਲ੍ਹਾਂ ਦਾ ਪ੍ਰਸ਼ਾਦ। ਸਾਰਾ ਟੱਬਰ ਸਾਡੇ ਦੁਆਲੇ ਇੰਝ ਜੁੜਿਆ ਹੁੰਦਾ ਸੀ ਜਿਵੇੇਂ ਸੱਚੀਂ ਬਹੁਤ ਵੱਡੀ ਸਰਜਰੀ ਚੱਲ ਰਹੀ ਹੋਵੇ। ਮਾਹਿਰ ਡਾਕਟਰਾਂ ਵਾਂਗ ਉਨ੍ਹਾਂ ਦਿਨਾਂ ’ਚ ਕੰਡਾ ਕੱਢਣ ਦੇ ਮਾਹਿਰ ਵੀ ਪਿੰਡ ’ਚ ਹੁੰਦੇ ਸਨ ਜਿਨ੍ਹਾਂ ਕੋਲ ਘਰ ਦੇ ਚੁੱਕ ਕੇ ਲੈ ਕੇ ਜਾਂਦੇ ਰਹੇ ਸਨ। ਕੰਡਾ ਡੂੰਘਾ ਹੋਣਾ ਜਾਂ ਫਿਰ ਨਜ਼ਰੀ ਨਾ ਪੈਣਾ ਤਾਂ ਕੰਡਾ ਮਾਹਿਰ ਉਸ ਜਗ੍ਹਾ ’ਤੇ ਗੁੜ ਗਰਮ ਕਰਕੇ ਵਿਚ ਥੋੜ੍ਹਾ ਜਿਹਾ ਨਮਕ ਪਾ ਕੇ ਬੰਨ੍ਹਣ ਦੀ ਹਦਾਇਤ ਕਰਦੇ ਸਨ ਤਾਂ ਜੋ ਮਾਸ ਨਰਮ ਹੋ ਕੇ ਕੰਡਾ ਉੱਪਰ ਆ ਜਾਵੇ ਤੇ ਆਸਾਨੀ ਨਾਲ ਕੱਢਿਆ ਜਾ ਸਕੇ।

ਦੂਰਦਰਸ਼ਨ ਦੇ ਸੀਰੀਅਲ ਜਿਵੇ ਸ਼ਕਤੀਮਾਨ, ਜੂਨੀਅਰ ਜੀ, ਟਿੰਬਾ ਰੂਚਾ, ਮਾਲਗੁਡੀ ਡੇਅਜ਼, ਸ੍ਰੀ ਕ੍ਰਿਸ਼ਨਾ ਆਦਿ ਮਨਭਾਉਂਦੇ ਸਨ ਜਿਨ੍ਹਾਂ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ। ਪ੍ਰਸਾਰਿਤ ਹੋਣ ਵੇਲੇ ਅਕਸਰ ਬੱਤੀ ਦਾ ਗੁੱਲ ਹੋ ਜਾਣਾ ਸਾਡੇ ਬਾਲ ਮਨਾਂ ਨੂੰ ਠੇਸ ਪਹੁੰਚਾਉਂਦਾ ਸੀ। ਸਕੂਲ, ਰਿਸ਼ਤੇਦਾਰੀਆਂ ’ਚ ਜਾ ਕੇ ਵੀ ਹਾਣ ਦੇ ਬੱਚਿਆਂ ਨਾਲ ਸੀਰੀਅਲਾਂ ਬਾਰੇ ਚਰਚਾ ਕਰਨੀ ਜਾਂ ਫਿਰ ਉਨ੍ਹਾਂ ਪਾਤਰਾਂ ਦੀ ਨਕਲ ਕਰਨੀ।ਲੱਕੜ ਦੇ ਨਿੱਕੇ ਜਿਹੇ ਡੰਡੇ ਨਾਲ ਸਾਈਕਲ ਦੇ ਪੁਰਾਣੇ ਟਾਇਰ ਨੂੰ ਭਜਾਈ ਫਿਰਨਾ ਤੇ ਖੜ੍ਹੇ ਚੇਤਕ ਸਕੂਟਰ ਜਾਂ ਰਾਜਦੂਤ ਮੋਟਰ ਸਾਈਕਲ ਉੱਤੇ ਬੈਠ ਕੇ ਮੂੰਹ ਨਾਲ ਆਵਾਜ਼ਾਂ ਕੱਢਦੇ ਰਹਿਣਾ। ਮੇਰਾ ਅਜ਼ੀਜ਼ ਦੋਸਤ ਗੁਰਦੀਪ ਸਿੰਘ ਮੂੰਹ ਖੋਲ੍ਹੇ ਬਗੈਰ ਮੂੰ-ਮੂੰ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਹੁੰਦਾ ਸੀ। ਗਰਮੀਆਂ ਦੀ ਛੁੱਟੀਆਂ ਅਸੀਂ ਸਾਡੇ ਘਰ ਤੇ ਉਹਦੇ ਨਾਨਕੇ ਘਰ ਦੇ ਸਾਹਮਣੇ ਦਰੱਖਤਾਂ ਹੇਠਾਂ ਬਿਤਾਉਣੀਆਂ। ਬੋਹੜ ਦੀ ਠੰਢੀ ਛਾਵੇਂ ਤਾਸ਼ ਖੇਡਣੀ, ਕਾਗਜ਼ ਦੇ ਜਹਾਜ਼ ਬਣਾ ਉਡਾਉਣੇ, ਕਾਗਜ਼ਾਂ ਦੀਆਂ ਟਿਕਟਾਂ ਬਣਾ ਬੋਹੜ ਨੂੰ ਬੱਸ ਬਣਾ ਕੇ ਟਿਕਟਾਂ ਕੱਟਣੀਆਂ ਜਾਂ ਫਿਰ ਬੋਹੜ ਤੋਂ ਲਮਕੇ ਛੱਡ ਕੇ ਛਾਲਾਂ ਮਾਰੀ ਜਾਣੀਆਂ। ਮਾਪੇ ਝਿੜਕਦੇ ਰਹਿੰਦੇ, ਪਰ ਅਸੀਂ ਸਾਰਾ ਦਿਨ ਲੂਤ ਲੂਤ ਕਰੀ ਜਾਣਾ ਜਾਂ ਫਿਰ ਸਾਰਾ ਦਿਨ ਘਰ ਨੇੜੇ ਵਗਦੀ ਕੱਸੀ ’ਚ ਨਹਾਈ ਜਾਣਾ ਤੇ ਘਰ ਆ ਕੇ ਨਿੰਬੂ, ਅੰਬ ਦੇ ਅਚਾਰ ਨਾਲ ਰੋਟੀਆਂ ਖਾਣੀਆਂ ਜੋ ਬੇਹੱਦ ਸੁਆਦਲਾ ਪਕਵਾਨ ਸੀ। ਰਾਸ਼ਨ ਡਿਪੂ ’ਚੋਂ ਮਿਲੀ ਜਾਂ ਮਹਿਮਾਨਾਂ ਲਈ ਉਚੇਚੇ ਤੌਰ ’ਤੇ ਲਿਆਂਦੀ ਖੰਡ ਨਾਲ ਰੋਟੀ ਖਾਣ ਦਾ ਆਪਣਾ ਸੁਆਦ ਸੀ।
ਬਾਰਿਸ਼ ਆਉਣੀ ਤਾਂ ਉਸ ਵਿਚ ਸ਼ੁਦਾਈਆਂ ਵਾਂਗ ਨਹਾਈ ਜਾਣਾ, ਮੀਂਹ ਦੇ ਪਾਣੀ ਨਾਲ ਨਹਾ ਕੇ ਗਰਮੀ ਨਾਲ ਹੋਈ ਪਿੱਤ ਵੀ ਹਟ ਜਾਂਦੀ ਸੀ। ਮੀਂਹ ਦਾ ਪਾਣੀ ਹੀ ਸਾਡੇ ਲਈ ਸਾਬਣ, ਡਰਮੀਕੂਲ ਜਾਂ ਨਾਈਸਲ ਪਾਊਡਰ ਸੀ। ਵਾਣ ਦੇ ਮੰਜੇ ’ਤੇ ਪਿੱਤ ਵਾਲਾ ਪਿੰਡਾ (ਸਰੀਰ) ਰਗੜ ਕੇ ਬੜੀ ਸ਼ਾਂਤੀ ਮਿਲਦੀ ਸੀ।ਜ਼ਿਆਦਾ ਬਾਰਿਸ਼ ਹੋਣ ਤੋਂ ਬਾਅਦ ਅਕਸਰ ਮੈਂ ਤੇ ਗੁਰਦੀਪ ਡੂੰਘੀ ਵਿਚਾਰ ਕਰਦੇ, ‘ਜੇ ਆਪਾਂ ਡੁੱਬਣ ਲੱਗੇ ਤਾਂ ਕੀ ਕਰਾਂਗੇ।’ ਨੈਣਾ ਦੇਵੀ ਦੀਆਂ ਪਹਾੜੀਆਂ ਹੀ ਉਸ ਵੇਲੇ ਸਾਡੇ ਲਈ ਸੰਸਾਰ ਦੀ ਸਭ ਤੋਂ ਉੱਚੀ ਜਗ੍ਹਾ ਸਨ ਜਿੱਥੇ ਪਾਣੀ ਦਾ ਪੁੱਜਣਾ ਨਾਮੁਮਕਿਨ ਜਾਪਦਾ ਸੀ। ਸਾਡੀ ਯੋਜਨਾ ਹੁੰਦੀ ਸੀ ਕਿ ਅਗਰ ਹੜ੍ਹ ਆ ਗਏ ਤੇ ਅਸੀਂ ਡੁੱਬਣ ਲੱਗੇ ਤਾਂ ਉੱਥੇ ਪਹਾੜੀਆਂ ’ਤੇ ਜਾ ਡੇਰੇ ਲਾ ਲਵਾਂਗੇ, ਪਰ ਉੱਥੇ ਪਹੁੰਚਣ ਦੇ ਸਾਧਨ ਤੋਂ ਅਸੀਂ ਅਣਜਾਣ ਸਾਂ। ਸਮੁੰਦਰ ਸਬੰਧੀ ਵੀ ਸਾਨੂੰ ਲੱਗਦਾ ਸੀ ਕਿ ਬੰਬੇ (ਮੁੰਬਈ) ਤੋਂ ਅੱਗੇ ਧਰਤੀ ਖ਼ਤਮ ਹੈ ਤੇ ਬਸ ਪਾਣੀ ਹੀ ਪਾਣੀ ਹੈ।

Leave a Reply

Your email address will not be published. Required fields are marked *